Homepage

ਇੰਡੀਆ ਵਿਚ ਸੂਬਾਈ ਚੋਣਾਂ

ਹਿੰਦੁਸਤਾਨ ਦੇ ਚੋਣ ਕਮਿਸ਼ਨ ਨੇ ਪੰਜ ਸੂਬਿਆਂ ਵਿਚ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਬਾਅਦ ਕੋਈ ਵੱਡੀ ਤਬਦੀਲੀ ਆਉਣ ਦੀ ਆਸ ਨਹੀਂ ਕੀਤੀ ਜਾ ਸਕਦੀ। ਲੇਕਿਨ ਸਿਆਸੀ ਹਲਕਿਆਂ ਵਿਚ ਇਨ੍ਹਾਂ ਚੋਣਾਂ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾ ਰਹੀ ਹੈ ਤੇ ਖ਼ਿਆਲ ਕੀਤਾ ਜਾ ਰਿਹਾ ਹੈ ਕਿ ਇਹ ਚੋਣਾਂ ਅਗਲੇ ਸਾਲ ਲੋਕ ਸਭਾ ਲਈ ਹੋਣ ਵਾਲੀਆਂ ਚੋਣਾਂ ਬਾਰੇ ਲੋਕਾਂ ਦਾ ਝੁਕਾਅ ਕਿਧਰ ਨੂੰ ਹੋਵੇਗਾ ਦਾ ਸੰਕੇਤ ਦੇਣਗੀਆਂ ਅਤੇ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਦੀ ਰਿਹਰਸਲ ਵਜੋਂ ਵੀ ਵਰਤਣਗੀਆਂ।

ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਨੂੰ ਹਾਰ ਹੋਵੇਗੀ ਕਿਉਂਕਿ ਲੋਕ ਸਰਕਾਰ ਦੇ ਕੰਮ ਕਾਰ ਤੋਂ ਅਸੰਤੁਸ਼ਟ ਹਨ ਅਤੇ ਕੁਰੱਪਸ਼ਨ ਤੇ ਭ੍ਰਿਸ਼ਟਾਚਾਰ ਤੋਂ ਦੁਖੀ। ਦਿੱਲੀ ਵਿਚ ਸ਼ੀਲਾ ਦੀਕਸ਼ਤ ਦੀ ਕਾਂਗਰਸ ਸਰਕਾਰ ਨੂੰ ਆਮ ਆਦਮੀ ਪਾਰਟੀ ਨੇ ਚੁਨੌਤੀ ਦਿੱਤੀ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਕੁੱਝ ਸੀਟਾਂ ਲੈ ਜ਼ਰੂਰ ਲੈ ਜਾਵੇਗੀ। ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਦੁਬਾਰਾ ਬਣਨ ਦੀ ਹੀ ਉਮੀਦ ਹੈ।

ਲਾਲ ਕ੍ਰਿਸ਼ਨ ਅਡਵਾਨੀ ਦੇ ਹੱਥ ਪੈਰ ਮਾਰਨ ਦੇ ਬਾਵਜੂਦ, ਲੋਕ ਸਭਾ ਦੀਆਂ ਚੋਣਾਂ ਲਈ ਭਾਜਪਾ ਨੇ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਲਈ ਪੇਸ਼ ਕਰ ਦਿੱਤਾ ਹੈ। ਉਹ ਭਾਜਪਾ ਦੀ ਚੋਣ ਮੁਹਿੰਮ ਨੂੰ ਚਲਾ ਰਿਹਾ ਹੈ ਚੋਣ ਪ੍ਰਚਾਰ ਮੁੱਖ ਬੁਲਾਰਾ ਹੈ। ਹਿੰਦੁਸਤਾਨ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਮਾਲਕਾਂ ਨੇ ਮੋਦੀ ਦੀ ਉਸਤਤ ਦੇ ਪੁਲ ਬੰਨ੍ਹੇ ਹਨ ਅਤੇ ਹੁਣ ਖੁੱਲ੍ਹੇ ਤੌਰ ਤੇ ਭਾਜਪਾ ਦੀ ਹਿਮਾਇਤ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਅਤੇ ਉਸ ਦੇ ਗੱਠਜੋੜ ਵਾਲੀਆਂ ਪਾਰਟੀਆਂ ਨੇ ਵੀ ਚੋਣਾਂ ਲਈ ਆਪਣੇ ਦਾਅ ਪੇਚ ਤੈਅ ਕਰਨੇ ਸ਼ੁਰੂ ਕਰ ਦਿੱਤੇ ਹਨ। ਵੋਟਾਂ ਹਾਸਲ ਕਰਨ ਲਈ ਆਂਧਰਾ ਪ੍ਰਦੇਸ਼ ਦੀ ਵੰਡ ਕਰਨਾ ਇਸ ਦੀ ਇੱਕ ਮਿਸਾਲ ਹੈ।

ਲੋਕ ਸਭਾ ਵਿਚ ਬਹੁਮਤ ਨਾਲ ਸਰਕਾਰ ਬਣਾਉਣ ਲਈ 275 ਸੀਟਾਂ ਦੀ ਲੋੜ ਹੈ। ਸਿਆਸੀ ਪੰਡਤ ਕਿਆਸ ਲਾ ਰਹੇ ਹਨ ਕਿ ਭਾਜਪਾ ਅਤੇ ਮੋਦੀ ਲਈ ਏਨੀਆਂ ਸੀਟਾਂ ਹਾਸਲ ਕਰਨੀਆਂ ਤਕਰੀਬਨ ਨਾਮੁਮਕਨ ਕੰਮ ਹੈ। ਮਿਸਾਲ ਦੇ ਤੌਰ ਤੇ ਯੂ਼ਪੀ ਅਤੇ ਬਿਹਾਰ ਵਿਚ ਬਹੁਮਤ ਹਾਸਲ ਕਰਨਾ ਭਾਜਪਾ ਲਈ ਬਹੁਤ ਮੁਸ਼ਕਲ ਹੈ। ਇਨ੍ਹਾਂ ਰਾਜਾਂ ਵਿਚ ਲੋਕ ਸਭਾ ਦੀਆਂ ਜ਼ਿਆਦਾ ਸੀਟਾਂ ਮੁਲਾਇਮ ਸਿੰਘ, ਮਾਇਆਵਤੀ ਅਤੇ ਹੋਰਨਾਂ ਪਾਰਟੀਆਂ ਨੂੰ ਜਾਣ ਦੇ ਜ਼ਿਆਦਾ ਇਮਕਾਨ ਹਨ ਤੇ ਇਹ ਪਾਰਟੀਆਂ ਕਾਂਗਰਸ ਨਾਲ ਹੀ ਗੱਠਜੋੜ ਕਰਨ ਦੀ ਕੋਸ਼ਿਸ਼ ਕਰਨਗੀਆਂ। ਲੱਗਦਾ ਹੈ ਕਿ ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਪਾਰਟੀ ਅਤੇ ਲਾਲੂ ਦੀ ਪਾਰਟੀ ਵੀ ਕਾਂਗਰਸ ਨਾਲ ਜਾਣਗੀਆਂ ਤੇ ਸ਼ਾਇਦ ਬੰਗਾਲ ਵਿਚ ਸ਼ੀਪੀ਼ਆਈ(ਐਮ) ਅਤੇ ਮਮਤਾ ਬੈਨਰਜੀ ਦੀ ਪਾਰਟੀ ਤਰਿਣਾਮੂਲ ਕਾਂਗਰਸ ਵੀ ਕਾਂਗਰਸ ਨਾਲ ਸੌਦੇਬਾਜ਼ੀ ਕਰਨ। ਦੱਖਣ ਵਿਚ, ਕਰਨਾਟਕਾ ਵਿਚ ਕਾਂਗਰਸ ਦੇ ਜਿੱਤਣ ਦੇ ਇਮਕਾਨ ਹਨ। ਕੇਰਲਾ, ਆਂਧਰਾ ਅਤੇ ਤਾਮਿਲਨਾਡੂ ਵਿਚ ਵੀ ਭਾਜਪਾ ਦੇ ਬਹੁਤੀਆਂ ਸੀਟਾਂ ਜਿੱਤਣ ਦੀ ਆਸ ਨਹੀਂ ਕੀਤੀ ਜਾ ਰਹੀ ਹੈ ਪਰ ਮਹਾਰਾਸ਼ਟਰ, ਗੁਜਰਾਤ, ਉੜੀਸਾ ਅਤੇ ਮਹਾਰਾਸ਼ਟਰ ਵਿਚ ਕਾਫ਼ੀ ਸੀਟਾਂ ਲੈ ਜਾਣ ਦੀ ਆਸ ਕੀਤੀ ਜਾ ਰਹੀ ਹੈ। ਇਸ ਲਈ ਕਿਆਸ ਲਾਏ ਜਾ ਰਹੇ ਹਨ ਕਿ ਭਾਜਪਾ ਲਈ ਕੇਂਦਰ ਵਿਚ ਸਰਕਾਰ ਬਣਾਉਣਾ ਕਾਫ਼ੀ ਮੁਸ਼ਕਲ ਹੋਵੇਗਾ ਤੇ ਮੋਦੀ ਸ਼ਾਇਦ ਹੀ ਪ੍ਰਧਾਨ ਮੰਤਰੀ ਬਣਨ ਦਾ ਆਪਣਾ ਸੁਪਨਾ ਪੂਰਾ ਕਰ ਸਕੇ

ਕਿਹਾ ਜਾਂਦਾ ਹੈ ਕਾਂਗਰਸ ਨੂੰ ਘੱਟ ਤੋਂ ਘੱਟ ਲੋਕ ਸਭਾ ਵਿਚ 150 ਸੀਟਾਂ ਮਿਲ ਹੀ ਜਾਣਗੀਆਂ। ਸ਼ੀਪੀ਼ਆਈ ਅਤੇ ਸ਼ੀਪੀ਼ਆਈ(ਐਮ) ਦੇ ਕਾਮਰੇਡ ਤਾਂ ਕਾਂਗਰਸ ਦੀ ਝੋਲੀ ਵਿਚ ਹੀ ਟਿਕੇ ਰਹਿਣ ਦੀ ਆਸ ਹੈ। ਕੁੱਝ ਸੀਟਾਂ ਕਾਂਗਰਸ ਦੀਆਂ ਇਤਹਾਦੀ ਪਾਰਟੀਆਂ ਵੀ ਜਿੱਤ ਜਾਣਗੀਆਂ ਤੇ ਬਾਕੀ ਉਹ ਪੈਸੇ ਦੇ ਲੈ ਕੇ ਖ਼ਰੀਦ ਲਵੇਗੀ ਅਤੇ ਕਿਸੇ ਨਵੇਂ ਚਿਹਰੇ ਨੂੰ ਪ੍ਰਧਾਨ ਮੰਤਰੀ ਬਣਾਵੇਗੀ। ਕਹਿਣ ਵਾਲੇ ਕਹਿੰਦੇ ਹਨ ਕਿ ਇਸ ਤਰ੍ਹਾਂ ਦੀ ਖੁੱਲ੍ਹੀ ਮੰਡੀ ਵਿਚ ਇੱਕ ਲੋਕ ਸਭਾ ਦੇ ਮੈਂਬਰ ਦੀ ਕੀਮਤ 100-200 ਕਰੋੜ ਰੁਪਿਆ ਪੈ ਸਕਦੀ ਹੈ। ਮੁਲਾਇਮ ਸਿੰਘ ਵੀ ਪ੍ਰਧਾਨ ਮੰਤਰੀ ਬਣਨ ਦੇ ਸੁਫ਼ਨੇ ਵੇਖਦਾ ਹੈ ਤੇ ਕਈ ਹੋਰਨਾਂ ਦੀਆਂ ਵੀ ਲਾਲਾਂ ਟਪਕਦੀਆਂ ਹਨ। ਇਸ ਕਰਕੇ ਤੀਜੇ ਮੋਰਚੇ ਦੇ ਬਣਨ ਬਾਰੇ ਵੀ ਗੱਲਾਂ ਹੋ ਰਹੀਆਂ ਪਰ ਹਾਲੇ ਪੱਕ ਕੋਈ ਨਹੀਂ।

ਸਰਮਾਏਦਾਰਾਂ ਦੇ ਹਾਕਮ ਟੋਲੇ ਦਾ ਇੱਕ ਹਿੱਸਾ ਸਿਰਤੋੜ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਮੋਦੀ ਪ੍ਰਧਾਨ ਮੰਤਰੀ ਬਣ ਜਾਵੇ ਤਾਂ ਉਨ੍ਹਾਂ ਨੂੰ ਮੁਲਕ ਦੀ ਮਨੁੱਖੀ ਲੇਬਰ ਅਤੇ ਕੁਦਰਤੀ ਸਾਧਨਾਂ ਦੀ ਲੁੱਟ ਦੀ ਹੋਰ ਜ਼ਿਆਦਾ ਖੁੱਲ ਮਿਲ ਜਾਵੇਗੀ। ਮੋਦੀ ਨੇ ਜਿੱਦਾਂ ਗੁਜਰਾਤ ਵਿਚ ਆਲਮੀ ਸਰਮਾਏ ਕਾਰੀ ਲਈ ਹਰ ਦਰਵਾਜ਼ਾ ਖੋਲ੍ਹ ਦਿੱਤਾ ਹੈ ਇਸੇ ਤਰ੍ਹਾਂ ਗੁਜਰਾਤ ਦੇ ''ਵਿਕਾਸ'' ਦਾ ਇਹੋ ਮਾਡਲ ਸਾਰੇ ਮੁਲਕ ਵਿਚ ਲਾਗੂ ਕਰਨ ਲਈ ਇਹ ਟੋਲਾ ਬੜਾ ਤਤਪਰ ਹੈ ਤੇ ਸੋਚਦਾ ਹੈ ਕਿ ਮੁਲਕ ਦੇ ਕੁਦਰਤੀ ਸਾਧਨਾਂ ਅਤੇ ਮਜ਼ਦੂਰੀ ਦੀ ਲੁੱਟ ਦੇ ਖ਼ਿਲਾਫ਼ ਲੋਕਾਂ ਦੇ ਵਿਰੋਧ ਅਤੇ ਉਭਾਰ ਨੂੰ ਮੋਦੀ ਸਖ਼ਤੀ ਨਾਲ ਅਤੇ ਡੰਡੇ ਦੇ ਜ਼ੋਰ ਨਾਲ ਖ਼ਤਮ ਕਰ ਸਕਦਾ ਹੈ। ਇਹ ਟੋਲਾ ਸੋਚਦਾ ਹੈ ਕਿ ਕਾਂਗਰਸ ਲੋਕਾਂ ਦੇ ਹੱਕਾਂ ਦੇ ਸੰਘਰਸ਼ ਨਾਲ ਨਰਮੀ ਨਾਲ ਪੇਸ਼ ਆ ਰਹੀ ਹੈ ਜਦਕਿ ਲੋੜ ਸਖ਼ਤੀ ਨਾਲ ਪੇਸ਼ ਆਉਣ ਦੀ ਹੈ।

ਇਹ ਟੋਲਾ ਕਹਿੰਦਾ ਹੈ ਕਿ ਲੋਕਾਂ ਦੇ ਜਿਹੜੇ ਵਸੀਲੇ ਅਤੇ ਕੁਦਰਤੀ ਸਾਧਨ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਦਿੱਤੇ ਸੀ ਕਈ ਥਾਵਾਂ ਤੇ ਲੋਕਾਂ ਦੇ ਵਿਰੋਧ ਕਰ ਕੇ ਜਾਂ ਅਦਾਲਤਾਂ ਦੇ ਕਹਿਣ ਕਰਕੇ ਉਹ ਫ਼ੈਸਲੇ ਸਰਕਾਰ ਨੂੰ ਰੱਦ ਕਰਨੇ ਪਏ ਹਨ। ਉਹ ਆਸ ਕਰਦੇ ਹਨ ਕਿ ਮੋਦੀ ਦੀ ਅਗਵਾਈ ਵਿਚ ਭਾਜਪਾ ਸਰਕਾਰ ਬਣੇ ਤਾਂ ਉਹ ਇਹੋ ਜਿਹੇ ਫ਼ੈਸਲੇ ਰੱਦ ਕਰਨ ਦੀ ਥਾਂ ਸਖ਼ਤੀ ਨਾਲ ਪੇਸ਼ ਆਉਣਗੇ ਅਤੇ ਵੱਡੇ ਸਰਮਾਏ ਲਈ ਪੂਰੀ ਖੁੱਲ੍ਹ ਹੋ ਜਾਵੇਗੀ। ਇਸ ਟੋਲੇ ਦੀ ਸੋਚ ਹੈ ਕਿ ਲੋਕਾਂ ਦੀਆਂ ਜੱਦੋਜਹਿਦਾਂ ਨੂੰ ਫ਼ਿਰਕੂ ਤਸ਼ੱਦਦ ਅਤੇ ਦਹਿਸ਼ਤ ਨਾਲ ਕੁਰਾਹੇ ਪਾਉਣ ਲਈ ਵੀ ਮੋਦੀ ਅਤੇ ਭਾਜਪਾ ਕਾਂਗਰਸ ਨਾਲੋਂ ਜ਼ਿਆਦਾ ਠੀਕ ਰਹਿਣਗੇ।

ਚੋਣਾਂ ਦਾ ਸਾਰਾ ਮਾਹੌਲ ਅਤੇ ਤਿਆਰੀਆਂ ਹਾਕਮ ਟੋਲੇ ਦੀਆਂ ਆਪਸੀ ਵਿਰੋਧਤਾਈਆਂ, ਲੜਾਈ ਅਤੇ ਵੰਡ ਸਾਫ਼ ਵਿਖਾ ਰਿਹਾ ਹੈ। ਹਾਕਮ ਟੋਲਾ ਰਿਆਸਤ ਅਤੇ ਸਰਕਾਰ ਉੱਤੇ ਆਪਣਾ ਕੰਟਰੋਲ ਕਰਨ ਲਈ ਆਪਸ ਵਿਚ ਲੜ ਰਿਹਾ ਹੈ ਕਿਉਂਕਿ ਜਿਸ ਧੜੇ ਦੇ ਹੱਥ ਵਿਚ ਰਿਆਸਤ ਅਤੇ ਸਰਕਾਰ ਦੀ ਵਾਗਡੋਰ ਹੋਵੇਗੀ ਉਸ ਨੂੰ ਮੁਲਕ ਦੀ ਅੰਨ੍ਹੀ ਲੁੱਟ ਕਰਨ ਵਿਚ ਜ਼ਿਆਦਾ ਸੌਖ ਹੋਵੇਗੀ। ਹਾਕਮ ਟੋਲੇ ਦਾ ਇੱਕ ਧੜਾ ਲੋਕਾਂ ਦੀ ਸਰਕਾਰ ਨਾਲ ਨਾਰਾਜ਼ਗੀ ਦਾ ਲਾਭ ਉਠਾ ਕੇ ਆਪਣੇ ਮੋਹਰਿਆਂ ਨੂੰ ਰਿਆਸਤ ਤੇ ਕੰਟਰੋਲ ਕਰਨ ਲਈ ਵਰਤਣ ਦੀ ਕੋਸ਼ਿਸ਼ ਰਿਹਾ ਹੈ ਜਦ ਕਿ ਦੂਜਾ ਧੜਾ ਆਪਣਾ ਕੰਟਰੋਲ ਬਰਕਰਾਰ ਰੱਖਣ ਲਈ ਜ਼ੋਰ ਲਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਜੇ ਇਹ ਤਾਕਤ ਵਿਚ ਆ ਗਏ ਤਾਂ ਲੋਕਾਂ ਦਾ ਹੋਰ ਜ਼ਿਆਦਾ ਘਾਣ ਹੋਵੇਗਾ ਇਸ ਲਈ ਕਾਂਗਰਸ ਅਤੇ ਉਸ ਦੇ ਗੱਠਜੋੜ ਨੂੰ ਹੀ ਵਾਪਸ ਤਾਕਤ ਵਿਚ ਲਿਆਉਣਾ ਚਾਹੀਦਾ ਹੈ। ਉਹ ਮੋਦੀ ਅਤੇ ਫ਼ਿਰਕੂ ਹਿੰਸਾ ਤੋਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਭੁਲੇਖੇ ਖੜੇ ਕਰ ਰਹੇ ਹਨ ਕਿ ਭਾਜਪਾ ਫ਼ਿਰਕੂ ਹੈ ਤੇ ਕਾਂਗਰਸ ਸੈਕੂਲਰ। ਉਹ ਇਸ ਅਸਲੀਅਤ ਦੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਫ਼ਿਰਕਾਪ੍ਰਸਤੀ ਵਿਚ ਕਾਂਗਰਸ ਕਿਸੇ ਵੀ ਤਰ੍ਹਾਂ ਭਾਜਪਾ ਤੋਂ ਘੱਟ ਨਹੀਂ ਤੇ ਕਾਂਗਰਸ ਦੇ ਰਾਜ ਵਿਚ ਸਾਰਿਆਂ ਨਾਲੋਂ ਜ਼ਿਆਦਾ ਫ਼ਿਰਕੂ ਕਤਲੇਆਮ ਹੋਏ ਹਨ।

ਆਉਣ ਵਾਲੀਆਂ ਚੋਣਾਂ ਵਿਚ ਹਾਕਮ ਲਾਣੇ ਦਾ ਭਾਵੇਂ ਜਿਹੜਾ ਮਰਜ਼ੀ ਗੱਠਜੋੜ ਤਾਕਤ ਵਿਚ ਆਵੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਹੋ ਸਕਦੇ। ਵੈਸਟਰਨ ਤਰਜ਼ ਦੀ ਜਮਹੂਰੀਅਤ ਵਿਚ ਚੋਣਾਂ ਲੋਕਾਂ ਨੂੰ ਖੁੱਡੇ ਲਾਉਣ ਲਈ ਹੁੰਦੀਆਂ ਹਨ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਨਹੀਂ। ਚੋਣਾਂ ਰਾਹੀ ਹਾਕਮ ਟੋਲਾ ਅਤੇ ਉਨ੍ਹਾਂ ਦੀਆਂ ਪਾਰਟੀਆਂ ਲੋਕਾਂ ਤੋਂ ਉਨ੍ਹਾਂ ਦੀ ਤਾਕਤ ਖੋਹ ਕੇ ਆਪਣੇ ਹੱਥਾਂ ਵਿਚ ਲੈ ਲੈਂਦੀਆਂ ਹਨ ਅਤੇ ਕਹਿੰਦੀਆਂ ਹਨ ਕਿ ਵੋਟਾਂ ਤੁਸੀਂ ਪਾ ਦਿੱਤੀਆਂ ਹਨ ਤੇ ਹੁਣ ਅਗਲੇ ਪੰਜ ਸਾਲ ਚੁੱਪ ਕਰ ਕੇ ਦੇਖਦੇ ਰਹੋ ਅਸੀਂ ਕੀ ਕਰਦੇ ਹਾਂ। ਤੁਸੀਂ ਸਾਨੂੰ ਵੋਟਾਂ ਦਿੱਤੀਆਂ ਹਨ ਅਤੇ ਅਸੀਂ ਉਹੀ ਕਰਾਂਗੇ ਜੋ ਸਾਡੀ ਮਰਜ਼ੀ ਹੈ।

ਹਿੰਦੁਸਤਾਨ ਵਿਚ ਹੋਣ ਵਾਲੀਆਂ ਚੋਣਾਂ ਤੋਂ ਲੋਕ ਕਿਸੇ ਵੀ ਬੁਨਿਆਦੀ ਤਬਦੀਲੀ ਦੀ ਆਸ ਨਹੀਂ ਕਰ ਸਕਦੇ। ਨੁਮਾਇੰਦਿਆਂ ਵਾਲੀ ਜਮਹੂਰੀਅਤ ਦਾ ਇਹ ਖ਼ਾਸਾ ਹੈ ਕਿ ਚੋਣਾਂ ਦੌਰਾਨ ਲੋਕਾਂ ਨੂੰ ਕੀਤੇ ਹੋਏ ਸਾਰੇ ਵਾਅਦੇ ਹਮੇਸ਼ਾ ਝੂਠੇ ਸਾਬਤ ਹੁੰਦੇ ਹਨ, ਭਾਵੇਂ ਕੋਈ ਵੀ ਪਾਰਟੀ ਤਾਕਤ ਵਿਚ ਹੋਵੇ। ਸਿਰਫ਼ ਹਾਕਮ ਟੋਲੇ ਦਾ ਏਜੰਡਾ ਹੀ ਚਲਦਾ ਹੁੰਦਾ ਹੈ। ਪਰ ਲੋਕ ਆਪਣੇ ਬੁਨਿਆਦੀ ਮਸਲਿਆਂ ਦਾ ਹੱਲ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਇਹ ਪਤਾ ਹੈ ਕਿ ਭਾਵੇਂ ਕੋਈ ਵੀ ਪਾਰਟੀ ਤਾਕਤ ਵਿਚ ਆਵੇ ਪਰਨਾਲਾ ਉੱਥੇ ਹੀ ਰਹਿਣਾ ਹੈ। ਹਿੰਦੁਸਤਾਨ ਦੇ ਲੋਕਾਂ ਨੂੰ ਇਸ ਲਿਬਰਲ ਜਮਹੂਰੀਅਤ ਦੇ ਮੁਤਬਾਦਲ ਵਾਰੇ ਵਿਚਾਰ ਵਟਾਂਦਰੇ ਕਰਨ ਦੀ ਲੋੜ ਹੈ ਤੇ ਉਹ ਕਰ ਵੀ ਰਹੇ ਹਨ। ਇਸ ਕਰ ਕੇ ਉਹ ਆਪਣੇ ਮਸਲਿਆਂ ਦੇ ਹੱਲ ਲਈ ਇੱਕ ਨਵੀਂ ਸਿਆਸੀ ਪ੍ਰਣਾਲੀ ਅਤੇ ਨਵੇਂ ਆਰਥਕ ਢਾਂਚੇ ਦੀ ਉਸਾਰੀ ਲਈ ਘੋਲ ਚਲਾ ਰਹੇ ਹਨ। ਉਹ ਲਿਬਰਲ ਜਮਹੂਰੀਅਤ ਦੇ ਹਿੰਦੁਸਤਾਨ ਵਿਚ ਅਤੇ ਦੁਨੀਆ ਦੇ ਹੋਰਨਾਂ ਮੁਲਕਾਂ ਦੇ ਤਜਰਬੇ ਤੋਂ ਸਿੱਟੇ ਕੱਢ ਰਹੇ ਹਨ ਕਿ ਲੋਕਾਂ ਦੇ ਹੱਕਾਂ ਤੇ ਸੱਟ ਮਾਰਨ ਲਈ ਲਿਬਰਲ ਡੈਮੋਕਰੇਸੀ ਹਾਕਮ ਟੋਲੇ ਦਾ ਇੱਕ ਹਥਿਆਰ ਹੈ।